ਜੱਟ-ਜ਼ਮੀਨ ਦੀ ਬਾਤ ਪਾਉਂਦੀ ਹੈ ਫ਼ਿਲਮ – ਸ਼ਰੀਕ (ਫ਼ਿਲਮ ਸਮੀਖਿਆ)

ਬੀਤੀ 22 ਅਕਤੂਬਰ ਨੂੰ ਪਰਦਾਪੇਸ਼ ਹੋਈ ਪੰਜਾਬੀ ਫ਼ਿਲਮ ‘ਸ਼ਰੀਕ’। ‘ਓਹਰੀ ਪ੍ਰੋਡਕਸ਼ਨ’ ਅਤੇ ‘ਗਿਲਕੋ ਐਂਡ ਗ੍ਰੀਨ ਪਲਾਨੈਟ ਪ੍ਰੋਡਕਸ਼ਨ’ ਦੁਆਰਾ ਨਿਰਮਤ ਕੀਤੀ ਇਸ ਫ਼ਿਲਮ ਦੀ ਸਮੀਖਿਆ ਲਿਖਣ ਤੋਂ ਪਹਿਲਾਂ ਮੈਂ ਇਕ ਗੱਲ ਦੱਸ ਦੇਵਾਂ ਕਿ ਦਰਸ਼ਕਾਂ ਨੇ ਕਈ ਰੁਮਾਂਟਿਕ, ਕਮੇਡੀ, ਐਕਸ਼ਨ, ਪੀਰੀਅਡ ਆਦਿ ਫ਼ਿਲਮਾਂ ਦੇਖੀਆਂ ਹੋਣਗੀਆਂ ਪਰ ਸ਼ਰੀਕ ਇਨ੍ਹਾਂ ਸਭ ਦਾ ਸੁਮੇਲ ਹੈ ਦਰਸ਼ਕ ਇਸ ਫ਼ਿਲਮ ਨੂੰ ਹਰ ਪੱਖੋਂ ਪਸੰਦ ਤਾਂ ਕਰ ਰਹੇ ਹਨ ਸਗੋਂ ਹਰ ਦਰਸ਼ਕ ਇਸ ਫ਼ਿਲਮ ਨੂੰ ਆਪਣੇ ਨਿੱਜੀ ਜੀਵਨ ਨਾਲ ਜੋੜ ਰਿਹਾ ਹੈ। ਗੱਲ ਤਾਂ ਬਿਲਕੁਲ ਸਹੀ ਹੈ ‘ਸ਼ਰੀਕਾ’ ਹਰ ਇਕ ਨੇ ਆਪਣੇ ਪਰਿਵਾਰ ਵਿਚ ਦੇਖਿਆ ਹੈ।
ਨਿਰਦੇਸ਼ਕ ਨਵਨੀਅਤ ਸਿੰਘ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਜੋ ਇਕ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਦੁਆਲੇ ਘੁੰਮਦੀ ਹੈ ਜੋ ਬੇਸ਼ੱਕ ਵੱਖ-ਵੱਖ ਘਰਾਂ ਵਿਚ ਰਹਿੰਦੇ ਹਨ ਪਰ ਉਨ੍ਹਾਂ ਦੋਵਾਂ ਪਰਿਵਾਰਾਂ ਵਿਚ ਜ਼ਮੀਨ ਦਾ ਰੌਲਾ ਹੈ, ਉਹ ਜ਼ਮੀਨ ਜੋ ਉਨ੍ਹਾਂ ਦੇ ਦਾਦੇ ਨੇ ਇਨ੍ਹਾਂ ਦੇ ਨਾਮ ਕੀਤੀ ਹੁੰਦੀ ਹੈ। ਬਰਾੜ ਖਾਨਦਾਨ ਦੇ ਦੋ ਪਰਿਵਾਰਾਂ ਵਿਚ ਦੋ ਭਰਾ ਹਨ ਤੇ ਉਨ੍ਹਾਂ ਦੇ ਇਕ ਪਰਿਵਾਰ ਵਿਚ ਦੋ ਪੁੱਤਰ ਸੁਰਜੀਤ (ਗੁੱਗੂ ਗਿੱਲ) ਤੇ ਜੱਸਾ (ਜਿੰਮੀ ਸ਼ੇਰਗਿੱਲ) ਹਨ ਤੇ ਦੂਜੇ ਪਰਿਵਾਰ ਵਿਚ ਚਾਰ ਭਰਾ ਦਾਰਾ (ਮੁਕੁਲ ਦੇਵ), ਪਾਲੀ (ਕੁਲਜਿੰਦਰ ਸਿੱਧੂ), ਬੰਤ (ਪਿੰ੍ਰਸ.ਕੇ.ਜੇ ਸਿੰਘ) ਤੇ ਬਿੱਟੂ ਹਨ। ਇਨ੍ਹਾਂ ਦੋਵਾਂ ਪਰਿਵਾਰਾਂ ਦੇ ਮੁੰਡੇ ਪਹਿਲਾਂ ਤਾਂ ਜ਼ਮੀਨ ਲਈ ਲੜਦੇ ਹਨ ਕਿ ਸਾਡੇ ਹਿੱਸੇ ਘੱਟ ਜ਼ਮੀਨ ਆਈ ਹੈ ਤੇ ਤੁਹਾਡੇ ਹਿੱਸੇ ਵੱਧ। ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਪਾਲੀ ਆਪਣੇ ਸਕੇ ਚਾਚੇ ਨੂੰ ਹੀ ਮਾਰ ਦਿੰਦਾ ਹੈ ਤੇ ਇਸ ਗੱਲ ਕਰਕੇ ਹੀ ਜੱਸਾ ਪਾਲੀ ਨੂੰ ਮਾਰ ਦਿੰਦਾ ਹੈ। ਇਸ ਕਹਾਣੀ ਦੇ ਪ੍ਰੈਲਰ ਹੀ ਇਕ ਹੋਰ ਕਹਾਣੀ ਚਲਦੀ ਹੈ ਜੱਸਾ ਅਤੇ ਜੱਸੀ ਦੇ ਪਿਆਰ ਦੀ ਤੇ ਉਧਰ ਪਾਲੀ ਵੀ ਜੱਸੀ ਨੂੰ ਪਸੰਦ ਕਰਦਾ ਹੈ। ਇਸ ਮਾਰ-ਧਾੜ ਕਰਕੇ ਹੀ ਇਨ੍ਹਾਂ ਦਾ ਪਿਆਰ ਕਿਸੇ ਸਿਰੇ ਨਹੀਂ ਲੱਗਦਾ ਤੇ ਜੱਸਾ ਆਪਣੇ ਭਤੀਜੇ ਨੂੰ ਲੈ ਬਾਹਰ ਚਲਾ ਜਾਂਦਾ ਹੈ। ਫ਼ਿਲਮ ਵਿਚ ਇੰਨਾ ਕੁਝ ਵਾਪਰਦਾ ਹੈ ਕਿ ਲੱਗਦਾ ਹੈ ਕਿ ਅਸੀਂ ਫ਼ਿਲਮ ਨਹੀ ਦੇਖ ਰਹੇ ਬਲਕਿ ਜ਼ਮੀਨ-ਜਾਇਦਾਦ ਲਈ ਜੂਝਦੇ ਪਰਿਵਾਰ ਦੀ ਕਹਾਣੀ ਦੇਖ ਰਹੇ ਹਾਂ। ਫ਼ਿਲਮ ਦੇ ਹਰੇਕ ਸੀਨ ਵਿਚ ਸਸਪੈਂਸ ਹੈ, ਦਰਸ਼ਕ ਹਰੇਕ ਸੀਨ ਦੇਖਣ ਤੋਂ ਬਾਅਦ ਅਗਲੇ ਦ੍ਰਿਸ਼ ਦੇਖਣ ਲਈ ਉਤਸੁਕ ਨਜ਼ਰ ਆਉਂਦੇ ਸਨ।
ਜਿੰਮੀ ਸ਼ੇਰਗਿੱਲ ਸਮੇਤ ਸਾਰੇ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਹੈ। ਮੁਕੁਲ ਦੇਵ ਦਾਰਾ ਦੇ ਕਿਰਦਾਰ ਵਿਚ ਖ਼ੂਬ ਜਚਿਆ ਹੈ ਤੇ ਕੁਲਜਿੰਦਰ ਸਿੰੰਘ ਸਿੱਧੂ ਦਾ ਕੰਮ ਬੇਸ਼ੱਕ ਫ਼ਿਲਮ ਵਿਚ ਘੱਟ ਹੈ ਪਰ ਉਸ ਨੇ ਆਪਣਾ ਕਿਰਦਾਰ ਬਖ਼ੂਬੀ ਨਿਭਾਇਆ ਹੈ। ਗੁੱਗੂ ਗਿੱਲ ਨੂੰ ਇਸ ‘ਚ ਆਪਣਾ ਮਨਪਸੰਦ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਮਾਹੀ ਗਿੱਲ ਦਾ ਕਿਰਦਾਰ ਵੀ ਦਰਸ਼ਕ ਚਾਹੁੰਦੇ ਹਨ ਕਿ ਹੋਰ ਜ਼ਿਆਦਾ ਹੁੰਦਾ ਪਰ ਸਟੋਰੀ ਦੀ ਮੰਗ ਕਾਰਨ ਫ਼ਿਲਮ ਦੇ ਹਾਫ ਤੋਂ ਪਹਿਲਾਂ ਉਸ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ। ਨਿਵੋਦਿਤ ਕਲਾਕਾਰ ਸਿਮਰ ਗਿੱਲ ਨੇ ਜੁੜਵਾਂ ਭਰਾਵਾਂ ਦਾ ਕਿਰਦਾਰ ਵਧੀਆ ਕੀਤਾ ਹੈ ਪਰ ਕਈ ਥਾਂਈ ਕਮੀ ਨਜ਼ਰ ਆਈ ਹੈ। ਉਸ਼ਿਨ ਸਾਈਂ ਨੇ ਆਪਣਾ ਕੰਮ ਵਧੀਆ ਕੀਤਾ ਹੈ। ਫ਼ਿਲਮ ਦਾ ਆਰੰਭ ਬਹੁਤ ਵਧੀਆ ਹੈ। ਜੈਦੇਵ ਕੁਮਾਰ ਦੇ ਲਾਜਵਾਬ ਸੰਗੀਤ ਵਿਚ ਪਰੋਏ ਸਾਰੇ ਗੀਤ ਦਰਸ਼ਕਾਂ ਨੇ ਪਸੰਦ ਕੀਤੇ ਹਨ। ਫ਼ਿਲਮ ‘ਚ ਆਰਟ ਡਾਇਰੈਕਟਰ ਦੀਆਂ ਕਮੀਆ ਨਜ਼ਰ ਆਈਆਂ ਹਨ। ਕੁਲ ਮਿਲਾ ਕੇ ਇਹ ਫ਼ਿਲਮ ਦਰਸ਼ਕਾਂ ਦੀ ਕਚਿਹਰੀ ਵਿਚ ਕਾਫ਼ੀ ਚੋਖਾ ਹੁੰਗਾਰਾ ਭਰ ਰਹੀ ਹੈ। ਨਿਰਦੇਸ਼ਕ ਨਵਨੀਅਤ ਸਿੰਘ ਦੁਆਰਾ ਸਿਰਜਿਆ ਇਹ ਫੈਮਿਲੀ ਡਰਾਮਾ ਦਰਸ਼ਕਾਂ ਨੂੰ ਪਰਿਵਾਰਿਕ ਸ਼ਰੀਕੇਬਾਜੀ ਦੀ ਸਿੱਧੀ ਝਲਕ ਦਿਖਾ ਗਿਆ।